ਅਮਰੀਕਾ ਵਿਚ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ) ਦੇ ਡਾਇਰੈਕਟਰ ਕਾਸ਼ ਪਟੇਲ ਨੇ ਲਾਸ ਏਂਜਲਸ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ”ਜੋ ਕੋਈ ਵੀ ਪੁਲਸ ਕਰਮਚਾਰੀ ‘ਤੇ ਹਮਲਾ ਕਰੇਗਾ ਉਹ “ਜੇਲ੍ਹ ਜਾਵੇਗਾ।” ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਸ ਏਂਜਲਸ ਵਿੱਚ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ ‘ਕੈਲੀਫੋਰਨੀਆ ਨੈਸ਼ਨਲ ਗਾਰਡ’ ਦੇ 2,000 ਸੈਨਿਕਾਂ ਨੂੰ ਤਾਇਨਾਤ ਕਰਨ ਦਾ ਵੀ ਆਦੇਸ਼ ਦਿੱਤਾ ਹੈ, ਜਦੋਂ ਕਿ ਗਵਰਨਰ ਨੇ ਸੰਘੀ ਸਰਕਾਰ ਦੇ ਇਸ ਕਦਮ ‘ਤੇ ਇਤਰਾਜ਼ ਜਤਾਇਆ ਹੈ। ਲਾਸ ਏਂਜਲਸ ਵਿੱਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਲਈ ਦਰਜਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਇੱਕ ਸੰਘੀ ਨਜ਼ਰਬੰਦੀ ਕੇਂਦਰ ਦੇ ਬਾਹਰ ਝੜਪ ਹੋ ਗਈ ਜਦੋਂ ਅਧਿਕਾਰੀਆਂ ਨੇ ਇਸ ਕਾਰਵਾਈ ਦੇ ਵਿਰੋਧ ਵਿੱਚ ਇਕੱਠੇ ਹੋਏ ਲੋਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ।
ਇਹ ਵੀ ਪੜ੍ਹੋ :
ਸ਼ੁੱਕਰਵਾਰ ਤੋਂ ਇਮੀਗ੍ਰੇਸ਼ਨ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਚੱਲ ਰਹੀਆਂ ਹਨ। ਗ੍ਰਹਿ ਸੁਰੱਖਿਆ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, “1,000 ਦੰਗਾਕਾਰੀਆਂ ਨੇ ਇੱਕ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਇਮਾਰਤ ਨੂੰ ਘੇਰ ਲਿਆ ਅਤੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਕਰਮਚਾਰੀਆਂ ‘ਤੇ ਹਮਲਾ ਕੀਤਾ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ।” ਪਟੇਲ ਨੇ ‘ਐਕਸ’ ‘ਤੇ ਪੋਸਟ ਕੀਤਾ, “ਜੇ ਤੁਸੀਂ ਕਿਸੇ ਪੁਲਸ ਵਾਲੇ ‘ਤੇ ਹਮਲਾ ਕਰਦੇ ਹੋ, ਤਾਂ ਤੁਸੀਂ ਜੇਲ੍ਹ ਜਾਓਗੇ… ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੋਂ ਆਏ ਹੋ, ਤੁਸੀਂ ਇੱਥੇ ਕਿਵੇਂ ਆਏ ਹੋ ਜਾਂ ਕਿਹੜੀ ਲਹਿਰ ਤੁਹਾਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਸਥਾਨਕ ਪੁਲਸ ਬਲ ਸਾਡੇ ਮਰਦਾਂ ਅਤੇ ਔਰਤਾਂ ਦੀ ਰੱਖਿਆ ਨਹੀਂ ਕਰਦੀ, ਤਾਂ ਐਫ.ਬੀ.ਆਈ ਦਖਲ ਦੇਵੇਗੀ।” ਪਟੇਲ ਦੀ ਟਿੱਪਣੀ ਤੋਂ ਬਾਅਦ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ 6 ਜਨਵਰੀ, 2021 ਨੂੰ ਦੰਗਾਕਾਰੀਆਂ ਪ੍ਰਤੀ ਟਰੰਪ ਪ੍ਰਸ਼ਾਸਨ ਦੁਆਰਾ ਅਪਣਾਏ ਗਏ ਵੱਖਰੇ ਪਹੁੰਚ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿੱਚੋਂ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਉਨ੍ਹਾਂ ਨੇ ਮਾਫ਼ ਕਰ ਦਿੱਤਾ ਸੀ। ਟਰੰਪ ਦੇ ਸਮਰਥਕਾਂ ਨੇ 2021 ਵਿੱਚ ਅਮਰੀਕੀ ਸੰਸਦ ਕੰਪਲੈਕਸ ‘ਯੂ.ਐਸ ਕੈਪੀਟਲ’ ‘ਤੇ ਹਮਲਾ ਕੀਤਾ ਸੀ, ਜਿਸ ਦੌਰਾਨ 140 ਤੋਂ ਵੱਧ ਪੁਲਸ ਅਧਿਕਾਰੀ ਜ਼ਖਮੀ ਹੋ ਗਏ ਸਨ।