BC ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਪ੍ਰਧਾਨ ਮੰਤਰੀ ਦੀ ਪੇਸ਼ ਕਰ ਸਕਦੇੇ ਹਨ ਦਾਅਵੇਦਾਰੀ

ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਕੈਨੇਡੀਅਨ ਸਿਆਸਤ ਜਿੱਥੇ ਨਵਾਂ ਮੋੜ ਲੈਂਦੀ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਵਿਵਾਦਾਂ ਦਾ ਸਿਲਸਿਲਾ ਵੀ ਆਰੰਭ ਹੋ ਗਿਆ ਹੈ।ਦਰਅਸਲ ਬੀ.ਸੀ. ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ’ਤੇ ਕੰਜ਼ਰਵੇਟਿਵ ਪਾਰਟੀ ਦੀ ਮੈਂਬਰ ਹੋਣ ਦੇ ਦੋਸ਼ ਲੱਗ ਰਹੇ ਹਨ ਪਰ ਉਨ੍ਹਾਂ ਵੱਲੋਂ ਦੋਸ਼ਾਂ ਨੂੰ ਰੱਦ ਕਰ ਦਿਤਾ ਗਿਆ। ਦੂਜੇ ਪਾਸੇ 30 ਲਿਬਰਲ ਐਮ.ਪੀ. ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਦੀ ਹਮਾਇਤ ਵਿਚ ਨਿੱਤਰ ਆਏ ਹਨ ਜਿਨ੍ਹਾਂ ਵੱਲੋਂ ਅਗਲੇ ਹਫ਼ਤੇ ਦਾਅਵੇਦਾਰੀ ਪੇਸ਼ ਕੀਤੀ ਜਾਵੇਗੀ।ਕ੍ਰਿਸਟੀ ਕਲਾਰਕ ਮੁਤਾਬਕ ਟਰੂਡੋ ਦਾ ਕਾਰਬਨ ਟੈਕਸ ਕੰਮ ਨਹੀਂ ਕਰ ਰਿਹਾ ਅਤੇ ਇਸ ਦੀ ਕੋਈ ਜ਼ਰੂਰਤ ਨਹੀਂ।

ਓਟਵਾ ਰੀਅਲ ਸਟੇਟ ਏਜੈਂਟ ਮਾਰਕ ਪੈਪੀਨਿਊ ਦੀਆਂ ਵੱਧੀਆਂ ਮੁਸ਼ਕਲਾਂ

ਦੱਸ ਦੇਈਏ ਕਿ ਸਾਲ 2008 ਵਿਚ ਬੀ.ਸੀ. ਦੇ ਉਸ ਵੇਲੇ ਦੇ ਪ੍ਰੀਮੀਅਰ ਗੌਰਡਨ ਕੈਂਪਬੈਲ ਵੱਲੋਂ ਕਾਰਬਨ ਟੈਕਸ ਲਾਇਆ ਗਿਆ ਸੀ ਅਤੇ ਪ੍ਰੀਮੀਅਰ ਦੀ ਕੁਰਸੀ ਸੰਭਾਲਣ ਮਗਰੋਂ ਕ੍ਰਿਸਟੀ ਕਲਾਰਕ ਨੇ ਇਹ ਟੈਕਸ ਬੰਦ ਕਰ ਦਿੱਤਾ ਸੀ, ਜੋ ਕਿ 2012 ਵਿਚ 30 ਡਾਲਰ ਪ੍ਰਤੀ ਟਨ ਦੇ ਹਿਸਾਬ ਨਾਲ ਟੈਕਸ ਲਾਇਆ ਜਾ ਰਿਹਾ ਸੀ ਜੋ ਇਸ ਵੇਲੇ 80 ਡਾਲਰ ਪ੍ਰਤੀ ਟਨ ਚੱਲ ਰਿਹਾ ਹੈ ਅਤੇ ਆਉਂਦੇ ਅਪ੍ਰੈਲ ਮਹੀਨੇ ਦੌਰਾਨ 95 ਡਾਲਰ ਪ੍ਰਤੀ ਟਨ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ ਬੀ.ਸੀ. ਦੀ ਸਾਬਕਾ ਪ੍ਰੀਮੀਅਰ ਮੁਤਾਬਕ 2022 ਦੀ ਕੰਜ਼ਰਵੇਟਿਵ ਲੀਡਰਸ਼ਿਪ ਦੌੜ ਵੇਲੇ ਉਨ੍ਹਾਂ ਵੱਲੋਂ ਜੀਨ ਚਾਰੈਸਟ ਦੀ ਹਮਾਇਤ ਇਸ ਕਰ ਕੇ ਕੀਤੀ ਗਈ ਸੀ ਕਿਉਂਕਿ ਪਿਅਰੇ ਪੌਇਲੀਐਵ ਨੂੰ ਹਰਾਉਣਾ ਚਾਹੁੰਦੇ ਸਨ ਪਰ ਕਦੇ ਵੀ ਕੰਜ਼ਰਵੇਟਿਵ ਪਾਰਟੀ ਦੀ ਮੈਂਬਰਸ਼ਿਪ ਹਾਸਲ ਨਹੀਂ ਕੀਤੀ। ਉਧਰ ਕੰਜ਼ਰਵੇਟਿਵ ਪਾਰਟੀ ਨੇ ਕ੍ਰਿਸਟੀ ਕਲਾਰਕ ਦੇ ਦਾਅਵੇ ਨੂੰ ਥੋਥਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਕ੍ਰਿਸਟੀ ਕਲਾਰਕ ਦੀ ਮੈਂਬਰਸ਼ਿਪ ਦੇ ਦਸਤਾਵੇਜ਼ ਮੌਜੂਦ ਹਨ। ਦੱਸ ਦੇਈਏ ਕਿ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਦੀਆਂ ਸ਼ਰਤਾਂ ਵਿਚ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ ਗਿਆ ਹੈ ਕਿ ਉਮੀਦਵਾਰ ਕਿਸੇ ਹੋਰ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹੋਣਾ ਚਾਹੀਦਾ।