ਹੈਮਿਲਟਨ ਵਿਖੇ ਅਪਾਰਟਮੈਂਟ ‘ਚ ਲੱਗੀ ਭਿਆਨਕ ਅੱਗ, 2 ਬੱਚਿਆਂ ਸਣੇ 3 ਦੀ ਮੌਤ

Canada News : ਉਨਟਾਰੀਓ ਦੇ ਹੈਮਿਲਟਨ ਸ਼ਹਿਰ ਵਿਚ ਇਕ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ‘ਚ ਦੋ ਬੱਚਿਆਂ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਪਿਅਰ ਟਾਵਰ ਅਪਾਰਟਮੈਂਟਸ ਦੀ ਪਹਿਲੀ ਮੰਜ਼ਿਲ ’ਤੇ ਅੱਗ ਲੱਗਣ ਦੀ ਇਤਲਾਹ ਮਿਲਣ ਮਗਰੋਂ ਫਾਇਰ ਫਾਈਟਰਜ਼ ਮੌਕੇ ’ਤੇ ਪੁੱਜੇ। ਹੈਮਿਲਟਨ ਦੇ ਫਾਇਰ ਚੀਫ਼ ਡੇਵਿਡ ਕਨਲਿਫ ਨੇ ਦੱਸਿਆ ਕਿ ਅੱਗ ਬੁਝਾਊ ਦਸਤੇ ਦੇ ਮੈਂਬਰ ਇਮਾਰਤ ਵਿਚ ਦਾਖਲ ਹੋਏ ਤਾਂ ਸੰਘਣਾ ਧੂੰਆਂ ਨਿਕਲ ਰਿਹਾ ਸੀ ਅਤੇ ਵੱਡੀ ਗਿਣਤੀ ਵਿਚ ਲੋਕ ਇਮਾਰਤ ਛੱਡ ਕੇ ਬਾਹਰ ਆਉਣਾ ਚਾਹੁੰਦੇ ਸਨ। ਇਸ ਮਗਰੋਂ ਲੋਕਾਂ ਨੂੰ ਪੌੜੀਆਂ ਰਾਹੀਂ ਬਾਹਰ ਆਉਣ ਵਿਚ ਮਦਦ ਕੀਤੀ ਗਈ ਪਰ ਸਬੰਧਤ ਅਪਾਰਟਮੈਂਟ ਵਿਚ ਮੌਜੂਦ ਦੋ ਬੱਚਿਆਂ ਅਤੇ ਇਕ ਬਾਲਗ ਨੂੰ ਬਚਾਇਆ ਨਾ ਜਾ ਸਕਿਆ।

ਇਹ ਵੀ ਪੜ੍ਹੋ : ਵਿਦੇਸ਼ ਮੰਤਰੀ ਪੈਨੀ ਵੋਂਗ ਜਾਣਗੇ ਔਸ਼ਵਿਟਜ਼, ਕਿਹਾ- ਸਾਨੂੰ ਭੈੜੀਆਂ ਤਾਕਤਾਂ ਖਿਲਾਫ਼ ਡੱਟਣਾ ਹੋਵੇਗਾ 

ਪੁਲਿਸ ਜਾਂ ਫਾਇਰ ਫਾਈਟਰਜ਼ ਵੱਲੋਂ ਮਰਨ ਵਾਲਿਆਂ ਦੇ ਰਿਸ਼ਤੇ ਬਾਰੇ ਫ਼ਿਲਹਾਲ ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਧਰ ਪੈਰਾਮੈਡਿਕਸ ਨੇ ਦੱਸਿਆ ਕਿ ਕੁਲ 12 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਦੀ ਉਮਰ ਇਕ ਮਹੀਨੇ ਦੇ ਬੱਚੇ ਤੋਂ ਲੈ ਕੇ 77 ਸਾਲ ਦੇ ਬਜ਼ੁਰਗ ਤੱਕ ਹੈ ਅਤੇ ਅੱਗ ਬੁਝਾਉਣ ਦੀ ਪ੍ਰਕਿਰਿਆ ਦੌਰਾਨ ਕੋਈ ਫ਼ਾਇਰ ਫਾਈਟਰ ਜ਼ਖਮੀ ਨਹੀਂ ਹੋਇਆ। ਬਹੁਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਸਭ ਤੋਂ ਵੱਧ ਨੁਕਸਾਨ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੂੰ ਰਾਤ ਘਰੋਂ ਬਾਹਰ ਕੱਟਣੀ ਪਈ। ਰੈਡ ਕਰਾਸ ਵੱਲੋਂ ਪੀੜਤ ਲੋਕਾਂ ਨੂੰ ਆਸਰਾ ਮੁਹੱਈਆ ਕਰਵਾਇਆ ਗਿਆ ਜਿਨ੍ਹਾਂ ਨੂੰ ਟਿਕਾਣਿਆਂ ’ਤੇ ਲਿਜਾਣ ਲਈ ਹੈਮਿਲਟਨ ਸਟ੍ਰੀਟ ਰੇਲਵੇ ਦੀਆਂ ਬੱਸਾਂ ਪੁੱਜੀਆਂ ਹੋਈਆਂ ਸਨ।

ਇਹ ਵੀ ਪੜ੍ਹੋ : UK ‘ਚ ਕੰਪਨੀਆਂ ਕਰਾਉਣਗੀਆਂ ਸਿਰਫ਼ 4 ਦਿਨ ਕੰਮ, ਕਰਮਚਾਰੀਆਂ ਦੀ ਬੱਲੇ-ਬੱਲੇ

ਹੈਮਿਲਟਨ ਦੀ ਮੇਅਰ ਐਂਡਰੀਆ ਹੌਰੈਥ ਵੱਲੋਂ ਅੱਗ ਲੱਗਣ ਦੀ ਘਟਨਾ ਦੌਰਾਨ ਹੋਏ ਜਾਨੀ ਨੁਕਸਾਨ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕਨਲਿਫ ਨੇ ਅੱਗੇ ਦੱਸਿਆ ਕਿ ਸਬੰਧਤ ਅਪਾਰਟਮੈਂਟ ਵਿਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ ਅਤੇ ਫਾਇਰ ਫਾਈਟਰਜ਼ ਵੱਲੋਂ ਅੰਦਰ ਦਾਖਲ ਹੋਣ ਦੇ ਮੁਢਲੇ ਯਤਨ ਨਾਕਾਮ ਰਹੇ। ਮੁੜ ਕੋਸ਼ਿਸ਼ ਕਰਦਿਆਂ ਫਾਇਰ ਫਾਈਟਰਜ਼ ਨੇ ਅੱਗ ਬੁਝਾ ਦਿਤੀ ਅਤੇ ਅਪਾਰਟਮੈਂਟ ਅੰਦਰ ਦਾਖਲ ਹੋਏ ਤਾਂ ਸਭ ਕੁਝ ਬਰਬਾਦ ਹੋ ਚੁੱਕਾ ਸੀ। ਦੋ ਬੱਚੇ ਅੱਗ ਵਿਚ ਸੜ ਗਏ ਜਦਕਿ ਇਕ ਬਾਲਗ ਵੀ ਖਤਮ ਹੋ ਗਿਆ।