Amritsar ‘ਚ ਲੈਂਡ ਹੋਇਆ Deport ਕੀਤੇ ਗੈਰ-ਪ੍ਰਵਾਸੀਆਂ ਦਾ ਜਹਾਜ਼

America News : ਬੀਤੇ ਦਿਨੀ ਅਮਰੀਕਾ ਵਲੋਂ 104 ਗੈਰ-ਪ੍ਰਵਾਸੀਆਂ ਨੂੰ ਡਿਪੋਰਟ ਕਰ ਫੌਜੀ ਜਹਾਜ਼ ਰਾਹੀਂ ਭਾਰਤ ਲਈ ਇਕ ਉਡਾਨ ਭੇਜੀ ਸੀ, ਅਤੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਜਹਾਜ਼ ਅੱਜ ਦੁਪਹਿਰ 2 ਵਜੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋ ਗਿਆ ਹੈ। ਅੰਮ੍ਰਿਤਸਰ ਏਅਰਪੋਰਟ ‘ਤੇ ਹੁਣ 104 ਗੈਰ-ਪ੍ਰਵਾਸੀਆਂ ਦੀ ਪੂਰੀ ਪੜਤਾਲ ਕੀਤੀ ਜਾਵੇਗੀ ਤੇ ਅਪਰਾਧਕ ਪਿਛੋਕੜ ਵਾਲੇ ਲੋਕਾਂ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਵੀ ਕੀਤਾ ਜਾਵੇਗਾ। ਅਮਰੀਕਾ ਤੋਂ ਭਾਰਤ ਪਰਤੇ ਇਸ ਜਹਾਜ਼ ਵਿਚ ਸਵਾਰ 104 ਲੋਕਾਂ ਦੀ ਪਹਿਲੀ ਲਿਸਟ ਸਾਹਮਣੇ ਆ ਗਈ ਹੈ। ਇਸ ਵਿਚ ਗੁਜਰਾਤ, ਹਰਿਆਣਾ ਅਤੇ ਪੰਜਾਬ ਦੇ ਸਭ ਤੋਂ ਵੱਧ ਨਾਗਰਿਕ ਮੌਜੂਦ ਹਨ। 104 ਲੋਕਾਂ ਦੀ ਪਹਿਲੀ ਲਿਸਟ ਵਿਚ 33 ਲੋਕ ਗੁਜਰਾਤ, 33 ਹਰਿਆਣਾ, 31 ਪੰਜਾਬ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਲਿਸਟ ਵਿਚ 3 ਮਹਾਰਾਸ਼ਟਰ ਦੇ, 3 ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਲੋਕਾਂ ਦੇ ਨਾਂ ਵੀ ਸ਼ਾਮਲ ਹਨ। ਸੂਤਰਾਂ ਮੁਤਾਬਕ ਇਨ੍ਹਾਂ ਵਿਚ 13 ਨਾਬਾਲਗ ਵੀ ਸ਼ਾਮਲ ਹਨ, ਜੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ ਸਨ।

ਇਹ ਵੀ ਪੜ੍ਹੋ : ਹਜ਼ਾਰਾਂ ਭਾਰਤੀਆਂ ਨੂੰ ਮਿਲੇਗੀ PR, ਕੈਨੇਡਾ ਨੇ ਖੋਲ੍ਹੇ 2 ਨਵੇਂ PR ਰੂਟ

ਲਿਸਟ ਵਿਚ ਸ਼ਾਮਲ ਪੰਜਾਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ ਸੂਬੇ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਲੋਕ ਸ਼ਾਮਲ ਹਨ, ਪਰ ਜ਼ਿਆਦਾਤਰ ਲੋਕ ਦੋਆਬੇ ਨਾਲ ਸਬੰਧਤ ਹਨ। ਲਿਸਟ ਵਿਚ 4 ਲੋਕ ਜਲੰਧਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਭੁਲੱਥ, ਕਪੂਰਥਲਾ, ਪਟਿਆਲਾ, ਅੰਮ੍ਰਿਤਸਰ, ਜਗਰਾਓਂ ਤੇ ਹੋਰ ਇਲਾਕਿਆਂ ਦੇ ਲੋਕ ਵੀ ਜਹਾਜ਼ ਵਿਚ ਸ਼ਾਮਲ ਹਨ।ਅੰਮ੍ਰਿਤਸਰ ਐਡਮਨਿਸਟ੍ਰੇਸ਼ਨ ਨਾਲ ਜੁੜੇ ਸੂਤਰਾਂ ਅਨੁਸਾਰ, ਅਮਰੀਕੀ ਜਹਾਜ਼ ’ਚ ਆ ਰਹੇ ਸਾਰੇ ਲੋਕਾਂ ਦੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਦਸਤਾਵੇਜ਼ ਚੈੱਕ ਕੀਤੇ ਜਾਣਗੇ। ਇਮੀਗ੍ਰੇਸ਼ਨ ਆਦਿ ਤੋਂ ਇਲਾਵਾ ਇਨ੍ਹਾਂ ਲੋਕਾਂ ਦਾ ਪੂਰਾ ਬੈਕਗਰਾਊਂਡ, ਖਾਸ ਕਰ ਕੇ ਕ੍ਰਿਮੀਨਲ ਰਿਕਾਰਡ ਵੀ ਚੈੱਕ ਕੀਤਾ ਜਾਵੇਗਾ। ਜੇ ਕਿਸੇ ਦਾ ਕ੍ਰਿਮੀਨਲ ਰਿਕਾਰਡ ਨਿਕਲਿਆ ਤਾਂ ਉਸ ਨੂੰ ਏਅਰਪੋਰਟ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਪ੍ਰਕਿਰਿਆ ’ਚ ਪੂਰਾ ਦਿਨ ਲੱਗ ਸਕਦਾ ਹੈ। ਸੂਤਰਾਂ ਅਨੁਸਾਰ, ਅਮਰੀਕਾ ਤੋਂ ਡਿਪੋਰਟ ਹੋਏ ਇਨ੍ਹਾਂ ਭਾਰਤੀਆਂ ’ਚ ਕੁਝ ਲੋਕ ਅਜਿਹੇ ਹੋ ਸਕਦੇ ਹਨ, ਜੋ ਭਾਰਤ ’ਚ ਕੋਈ ਨਾ ਕੋਈ ਅਪਰਾਧ ਕਰ ਕੇ ਅਮਰੀਕਾ ਨਿਕਲ ਗਏ ਹੋਣ।