ਟਰੰਪ ਦਾ ਕੈਨੇਡਾ ‘ਤੇ ਵਾਰ, ਅਮਰੀਕਾ ਦੇ ਟੈਰਿਫ਼ਸ ਤੋਂ ਨਹੀਂ ਬਚੇਗਾ ਕੈਨੇਡਾ

America News : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ‘ਚ ਟਰੰਪ ਦਾ ਕਹਿਣਾ ਹੈ ਕਿ ਕੈਨੇਡਾ ਨਾਲ ਕੋਈ ਵਪਾਰ ਸਮਝੌਤਾ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ ਅਤੇ 1 ਅਗਸਤ ਤੋਂ ਭਾਰੀ ਭਰਕਮ ਟੈਰਿਫ਼ਸ ਦੀ ਅਦਾਇਗੀ ਕਰਨ ਵਾਲੇ ਚੋਣਵੇਂ ਮੁਲਕਾਂ ਵਿਚੋਂ ਕੈਨੇਡਾ ਇਕ ਹੋ ਸਕਦਾ ਹੈ। ਜੀ ਹਾਂ ਯੂ.ਕੇ. ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਅਮਰੀਕਾ ਜ਼ਿਆਦਾਤਰ ਮੁਲਕਾਂ ਨਾਲ ਵਪਾਰ ਸਮਝੌਤੇ ਸਿਰੇ ਚੜ੍ਹਾਅ ਰਿਹਾ ਹੈ ਅਤੇ ਯੂਰਪ ਨਾਲ ਵੀ ਸੰਧੀ ਹੋਣ ਦੀ ਉਮੀਦ ਹੈ ਪਰ ਕੈਨੇਡਾ ਐਨਾ ਖੁਸ਼ਕਿਸਮਤ ਨਹੀਂ ਜਾਪਦਾ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਕੌਮਾਂਤਰੀ ਵਪਾਰ ਮਾਮਲਿਆਂ ਬਾਰੇ ਮੰਤਰੀ ਡੌਮੀਨਿਕਲ ਲਾਬਲੈਂਕ ਨੇ ਹਾਲ ਹੀ ਵਿਚ ਵਾਸ਼ਿੰਗਟਨ ਤੋਂ ਪਰਤਣ ਮਗਰੋਂ ਸੰਕੇਤ ਦਿਤੇ ਸਨ ਕਿ ਗੁਆਂਢੀ ਮੁਲਕ ਨਾਲ ਵਪਾਰ ਦੇ ਮਸਲੇ ’ਤੇ ਗੱਲਬਾਤ ਬੇਹੱਦ ਗੁੰਝਲਦਾਰ ਰਹੀ ਅਤੇ 1 ਅਗਸਤ ਤੱਕ ਮਸਲਾ ਸੁਲਝਾਉਣਾ ਸੰਭਵ ਨਹੀਂ ਹੋਵੇਗਾ। ਵਪਾਰ ਸੰਧੀ ਦੀ ਗੈਰਮੌਜੂਦਗੀ ਵਿਚ ਕੈਨੇਡਾ ਤੋਂ ਅਮਰੀਕਾ ਜਾਣ ਵਾਲੀ ਹਰ ਚੀਜ਼ ਉਤੇ 35 ਫੀ ਸਦੀ ਟੈਕਸ ਲੱਗੇਗਾ ਅਤੇ ਜੇ ਕੈਨੇਡਾ ਸਰਕਾਰ ਮੋੜਵੀਆਂ ਟੈਰਿਫ਼ਸ ਲਾਗੂ ਕਰਦੀ ਹੈ ਤਾਂ ਟਰੰਪ 35 ਫੀ ਸਦੀ ਤੋਂ ਵੀ ਅੱਗੇ ਜਾ ਸਕਦੇ ਹਨ।

ਇਹ ਵੀ ਪੜ੍ਹੋ : 

ਮੌਜੂਦਾ ਸਮੇਂ ਵਿਚ ਕੈਨੇਡੀਅਨ ਸਟੀਲ, ਐਲੂਮਿਨਮ ਅਤੇ ਆਟੋਮੋਬਾਈਲਜ਼ ’ਤੇ ਟੈਕਸ ਲਾਗੂ ਹਨ ਅਤੇ ਕੁਝ ਦਿਨ ਬਾਅਦ ਸਭ ਕੁਝ ਟੈਰਿਫ਼ਸ ਦੇ ਘੇਰੇ ਵਿਚ ਹੋਵੇਗਾ। ਇਸੇ ਦੌਰਾਨ ਡੌਨਲਡ ਟਰੰਪ ਨੇ ਸਕੌਟਲੈਂਡ ਪੁੱਜਣ ਮਗਰੋਂ ਗੈਰਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਚੁੱਕ ਲਿਆ ਅਤੇ ਚਿਤਾਵਨੀ ਦੇ ਦਿਤੀ ਕਿ ਇੰਮੀਗ੍ਰੇਸ਼ਨ, ਯੂਰਪ ਦਾ ਸਾਹ ਘੁੱਟ ਰਹੀ ਹੈ। ਟਰੰਪ ਵੱਲੋਂ ਕੁਝ ਯੂਰਪੀ ਮੁਲਕਾਂ ਦੀ ਸ਼ਲਾਘਾ ਵੀ ਕੀਤੀ ਗਈ ਜਿਥੇ ਸਖ਼ਤ ਇੰਮੀਗ੍ਰੇਸ਼ਨ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਟਰੰਪ ਦੀ ਮਾਂ ਸਕੌਟਲੈਂਡ ਨਾਲ ਸਬੰਧਤ ਸੀ ਅਤੇ ਇਥੋਂ ਪ੍ਰਵਾਸ ਕਰ ਕੇ ਅਮਰੀਕਾ ਪੁੱਜੀ ਜਦਕਿ ਪਿਤਾ ਜਰਮਨੀ ਤੋਂ ਪ੍ਰਵਾਸ ਕਰ ਕੇ ਅਮਰੀਕਾ ਪੁੱਜੇ ਸਨ। ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਸਾਲ 2020 ਮਗਰੋਂ 8 ਕਰੋੜ 70 ਲੱਖ ਗੈਰਕਾਨੂੰਨੀ ਪ੍ਰਵਾਸੀ ਯੂਰਪੀ ਮੁਲਕਾਂ ਵਿਚ ਦਾਖਲ ਹੋ ਚੁੱਕੇ ਹਨ। ਟਰੰਪ ਵੱਲੋਂ ਆਪਣੇ ਫੇਰੀ ਦੌਰਾਨ ਯੂ.ਕੇ. ਦੇ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਅਤੇ ਯੂਰਪੀ ਕਮਿਸ਼ਨ ਦੀ ਮੁਖੀ ਅਰਸੁਲਾ ਵੌਨ ਡਰ ਲਾਇਨ ਨਾਲ ਮੁਲਾਕਾਤ ਕੀਤੀ ਜਾਣੀ ਹੈ।